Tuesday, August 3, 2010

** ਲੋਕ-ਸੰਬੋਧਨੀ ਗੀਤਕਾਰੀ ਦਾ ਸ਼ਾਇਰ - ਜਰਨੈਲ ਘੁਮਾਣ **

                                               -ਡਾ : ਤੇਜਵੰਤ ਮਾਨ



     
                                 ਜਰਨੈਲ ਘੁਮਾਣ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ । ਉਸਦੇ ਆਪਣੇ ਕਥਨ ਅਨੁਸਾਰ ਉਹ 500-700 ਗੀਤਾਂ ਦਾ ਰਚਨਹਾਰ ਹੋਣ ਦੇ ਬਾਵਜੂਦ ਹਾਲਾਂ ਉਹ ਸਾਹਿਤ ਦੇ ਖੇਤਰ ਵਿੱਚ ਇੱਕ ਸਿਖਾਂਦਰੂ ਸ਼ਾਇਰ ਹੀ ਹੈ । ਆਪਣੇ 'ਸੁਪਨਿਆਂ ਦੇ ਸਫ਼ਰ' ਨੂੰ ਨਿਹਾਰਦਾ ਜਰਨੈਲ ਏਥੋਂ ਤੀਕ ਕਹਿੰਦਾ ਹੈ ਕਿ ਭਾਵੇ ਉਸਦੀ ਗੀਤਕਾਰੀ ਬਾਰੇ ਹਾਲਾਂ ਤੱਕ ਕਿਸੇ ਆਲੋਚਕ ਜਾਂ ਸਰੋਤੇ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ ਪਰ ਉਹ ਸਾਹਿਤ ਦੇ ਇਸ ਵਿਸ਼ਾਲ ਸਮੁੰਦਰ ਵਿੱਚ ਹਾਲਾਂ ਅਣਜਾਣ ਤਾਰੂ ਹੈ ।ਪਰ ਮੈਂ ਜਰਨੈਲ ਦੇ ਇਸ ਆਤਮ-ਕਥਨ ਨਾਲ ਸਹਿਮਤ ਨਹੀਂ । ਹੱਥਲੇ ਕਾਵਿ ਸੰਗ੍ਰਹਿ 'ਅਧੂਰਾ ਖ਼ੁਆਬ' ਦਾ ਖਰੜਾ ਜਦ ਮੈਂ ਮੁੱਖ-ਸ਼ਬਦ ਲਿਖਣ ਲਈ ਵਾਚਿਆ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜਰਨੈਲ ਘੁਮਾਣ ਨੇ ਆਪਣੀ ਇਸ ਰਚਨਾ ਰਾਹੀਂ ਅਜੋਕੀ ਕਵਿਤਾ ਵਿੱਚ ਆ ਰਹੇ ਅ-ਕਾਵਿਕਤਾ ਦੇ ਰੁਝਾਨ ਦਾ ਆਪਣੀ ਗੀਤਕਾਰੀ ਰਾਹੀਂ ਸਹੀ ਜਵਾਬ ਦਿੱਤਾ ਹੈ ।


                      ਅੱਜ ਦੀ ਬਹੁਤੀ ਪੰਜਾਬੀ ਕਵਿਤਾ ਸੰਬੋਧਨੀ ਸੰਕਟ ਦਾ ਸ਼ਿਕਾਰ ਹੈ । ਅੱਜ ਦਾ ਕਵੀ ਸਮਝ ਨਹੀਂ ਪਾ ਰਿਹਾ ਕਿ ਉਹ ਸੰਬੋਧਨ ਕਿਸਨੂੰ ਕਰੇ । 'ਮੈਂ' ਨੂੰ ਜਾਂ 'ਉਹ' ਨੂੰ । ਮੈਂ ਨੂੰ ਸੰਬੋਧਨੀ ਕਵਿਤਾ ਮਨਬਚਨੀ  ( Monologic) ਹੈ ਜੋ ਰੁਦਨ , ਹਉਕਾ ,ਚੀਕ ,ਚੀਸ ਤੋਂ ਵੱਧ ਕੁੱਝ ਨਹੀਂ । 'ਉਹ' ਨੂੰ ਸੰਬੋਧਨੀ ਕਵਿਤਾ ਸ਼ੋਰ (Echo) ਹੈ ਜੋ ਟਕਰਾਵੀ ਲਲਕਾਰੇ ਤੋਂ ਵੱਧ ਕੁੱਝ ਨਹੀਂ । ਅਸਲ ਵਿੱਚ 'ਲੋਕਾਂ ਅੱਗੇ ਪਾਠ' ਹੀ ਇਕੋ ਇਕ ਸੰਬੋਧਨੀ ਸੁਰ ਦੀ ਜੁਗਤ ਹੈ ਜੋ ਮੈਂ ਅਤੇ ਉਹ ਨੂੰ 'ਅਸੀਂ-ਤੁਸੀਂ' ਦੀ ਬਹੁ-ਬਚਨੀ ਸੰਵਾਦੀ (Dialogic) ਧੁਨੀ ਵਿੱਚ ਤਬਦੀਲ ਕਰ ਸਕਦੀ ਹੈ । ਜਰਨੈਲ ਘੁਮਾਣ ਦੇ ਕਾਵਿ-ਪਾਠ ਦੀ ਪਹਿਲੀ ਵਿਸ਼ੇਸਤਾ ਇਹ ਹੈ ਕਿ 'ਅਧੂਰਾ ਖੁਆਬ' ਪੁਸਤਕ ਵਿਚਲਾ ਪਾਠ 'ਲੋਕਾਂ ਅੱਗੇ ਪਾਠ' ਦੀ ਵਿਧੀ ਰਾਹੀਂ ਲੋਕ ਸ਼ਬਦਾਵਲੀ , ਬਿੰਬਾਵਲੀ ਅਤੇ ਮੁਹਾਵਰਾ ਵਰਤਕੇ ਸਿਰਜਿਆ ਗਿਆ ਪਾਠ ਹੈ ।ਲੋਕ-ਕਾਵਿ ਦਾ ਸਭ ਤੋਂ ਉਤਮ ਗੁਣ ਉਸ ਵਿੱਚ ਸੁਨੇਹੇ ਦੇ ਸਹੀ ਅਰਥਾਂ ਵਿੱਚ ਸੰਚਾਰ ਹੋ ਜਾਣ ਵਿੱਚ ਮੰਨਿਆ ਜਾਂਦਾ ਹੈ ।

ਅਜਿਹੇ ਪਾਠ ਦਾ ਸੁਨੇਹਾ ਬਿਨਾਂ ਕਿਸੇ ਵਿਆਖਿਆ ਜਾਂ ਟੀਕਾ ਕੀਤਿਆਂ ਸਿੱਧਾ ਲੋਕਾਂ ਦੇ ਦਿਲ-ਦਿਮਾਗ ਤੱਕ ਪਹੁੰਚ ਜਾਂਦਾ ਹੈ । ਮੈਨੂੰ ਤਸੱਲੀ ਹੈ ਕਿ ਜਰਨੈਲ ਘੁਮਾਣ ਦੇ ਕਾਵਿ ਪਾਠ ਦਾ ਮੈਂ ਅਤੇ ਉਹ ਨੂੰ 'ਅਸੀਂ-ਤੁਸੀਂ' ਵਿੱਚ ਰੁਪਾਂਤਰਨ ਕਰਦਿਆਂ ਕਿਸੇ ਕਿਸਮ ਦੇ ਸੰਬੋਧਨੀ ਸੰਕਟ ਤੋਂ ਮੁਕਤ ਪਾਠ ਹੈ ।





ਆ ਬਹਿ ਕੇ ਗੱਲ ਮੁਕਾ ਲਈਏ ,

ਗੱਲ ਕਿਸੇ ਕਿਨਾਰੇ ਲਾ ਲਈਏ ,

ਕਈ ਖੁੱਲ੍ਹਕੇ ਆਖ਼ਣ ਲੱਗ ਪਏ ,

ਕਈ ਰੱਖ਼ਦੇ ਜੀਭ ਨੂੰ ਮਲੀ ਮਲੀ ।



ਜ਼ਰਾ ਸੰਭਲ ਸੰਭਲ ਕੇ ਚੱਲਣਾ ਪਊ ,

ਸਾਡੇ ਪਿਆਰ ਦੀ ਚਰਚਾ ਗਲੀ ਗਲੀ ॥

ਇਹ ਕੈਦੋਂ ਦੀ ਔਲਾਦ ਵਿੱਚੋਂ ,

ਨਿੱਤ ਗੱਲਾਂ ਦੇ ਸਵਾਦ ਵਿੱਚੋਂ ,

ਦੁਨੀਆਂ ਹੈ ਚੁਗਲਖ਼ੋਰਾਂ ਦੀ ,

ਇਹ ਚੁਗਲੀ ਕਰਨੋ ਕਦੋਂ ਟਲੀ ।

ਫਿਰ ਜ਼ਿੰਦਗੀ ਭਰ ਪਛਤਾਵਾਂਗੇ ,

ਹਿਜਰਾਂ ਦੀ ਪੀੜ ਹੰਢਾਵਾਂਗੇ ,

ਹੰਝੂਆਂ ਨਾਲ ਅੱਖੀਆਂ ਧੋਵਾਂਗੇ ,

ਜੇ ਨਾ ਨਿਭਿਆ ਇਹ ਇਸ਼ਕ ਬਲੀ ।

-----------



ਜ਼ਮੀਰੋਂਖੁਣੇ ਲੋਕਾਂ ਨਾਲ ਭਲਾ ਸ਼ਿਕਵਾ ਤਾਂ ਕੀ ਹੈ ,

ਗੱਲਾਂ ਕਹਿਣੋ ਨਾ ਰਹਿ ਜਾਣ ਤਾਂ ਸੁਣਾ ਰਿਹਾ ਹਾਂ ਮੈਂ ।

ਮੇਰੀ ਕੁੱਲੀ ਢਾਹਕੇ ਮਹਿਲ ਤੁਸੀਂ ਆਪਣੇ ਉਸਾਰੇ ,

ਨੰਗੇ ਅਸਮਾਨ ਥੱਲੇ ਸਿਰ ਨੂੰ ਛੁਪਾ ਰਿਹਾ ਹਾਂ ਮੈਂ ।

ਖੂਨ ਪੀ ਲਿਆ ਪਹਿਲਾਂ, ਮਾਸ ਤੱਕ ਨੋਚ ਖਾ ਗਏ ,

ਖਾਲੀ ਪਿੰਜਰ ਹੈ, ਨਜ਼ਰ ਜਿਹੜਾ ਆ ਰਿਹਾ ਹਾਂ ਮੈਂ ।

-----------------





ਕੱਲ੍ਹ ਮੈਨੂੰ ਇਕ ਤਸਵੀਰ ਮਿਲੀ ਦੋਸਤੋ ।

ਖੇੜਿਆਂ ਦੇ ਜਾ ਵਸੀ ਹੀਰ ਮਿਲੀ ਦੋਸਤੋ ॥

ਕੱਠਿਆਂ ਜਿਉਣਾ ਅਤੇ ਕੱਠਿਆਂ ਮਰ ਜਾਣਾ ਅਸੀਂ ,

ਛੱਡਣਾ ਨਾ ਸਾਥ ਕੀਤੇ ਵਾਅਦੇ ਨੂੰ ਨਿਭਾਣਾ ਅਸੀਂ ,

ਵਾਅਦਿਆਂ ਦੀ ਪੰਡ ਲੀਰੋ ਲੀਰ ਮਿਲੀ ਦੋਸਤੋ ।

ਕੱਲ੍ਹ ਮੈਨੂੰ ਇਕ ਤਸਵੀਰ ਮਿਲੀ ਦੋਸਤੋ ॥

------------------------



         ਜਰਨੈਲ ਘੁਮਾਣ ਇੱਕ ਰੋਮਾਂਚਿਕ ਕਵੀ ਹੈ । ਉਸਦੀ ਰੋਮਾਂਚਿਕਤਾ ਦਾ ਅਧਾਰ ਬੇਸ਼ੱਕ ਅਲਮਾਰੀ ਦੇ ਕੋਨੇ 'ਚ ਪਈ ਵਕਤ ਦੀ ਧੂੜ 'ਚ ਬੇਪਛਾਣ ਹੋਈ ਇੱਕ ਬੇਵਫ਼ਾ ਕੁੜੀ ਦੀ , ਬੇਬਸੀ ਅਤੇ ਤਿਲਮਲਹਾਟ ਦੀ ਮਾਰ ਹੇਠ ਆਈ , ਉਸ ਤਸਵੀਰ ਵਿੱਚ ਨਿਹਤ ਹੈ ਜਿਸਨੂੰ ਕਵੀ ਉਲਾਂਭਾ ਵੀ ਦਿੰਦਾ ਹੈ ਅਤੇ ਯਾਦ ਸਨੇਹਾ ਵੀ । ਪਰ ਕਵੀ ਦੀ ਆਵੇਸ਼ੀ ਕਾਵਿ-ਹੂਕ ਵਿੱਚ ਇਹ ਪਿਆਰ -ਜੁਦਾਈ ਨਾ ਤਾਂ ਪੁਰਾਤਨ ਰੂੜੀਵਾਦੀ ਮਧਯੁੱਗੀ ਪਿਆਰ ਦੀਆਂ ਕਦਰਾਂ ਕੀਮਤਾਂ ਦਾ ਦੁਹਰਾਓ ਹੀ ਹੈ ਅਤੇ ਨਾ 'ਲਾ ਬੈਲੇ ਡੈਮ ਸਾਂਮਰਸੀ' ਦੇ ਨਾਇਕ ਦੇ ਪੀਲੇ ਭੂਕ ਚਿਹਰੇ ਦੀ ਹੂਕ ਹੈ ।

ਜਰਨੈਲ ਅੱਜ ਦੇ ਮਸ਼ੀਨੀ ਅਤੇ ਬਿਜਲਈ ਯੁੱਗ ਦੀਆਂ ਜਟਿੱਲ ਸਮਸਿਆਵਾਂ ਨਾਲ ਦੋ ਚਾਰ ਹੋ ਰਿਹਾ ਮਨੁੱਖ ਹੈ ਇਸ ਲਈ ਉਸਦੀ ਪਿਆਰ-ਵੇਦਨਾ ਵੀ ਏਨੀ ਸਰਲ ਅਤੇ ਸਪਾਟ ਨਹੀਂ ਜਿੰਨ੍ਹੇ ਸਧਾਰਨ ਰੂਪ ਵਿੱਚ 'ਬੇਵਫ਼ਾ' ਜਾਂ 'ਕੁਰਬਾਨੀ' ਜਿਹੇ ਸ਼ਬਦਾਂ ਦੇ ਸਤਹੀ ਸ਼ਬਦ-ਅਰਥ ਸਪਾਟ ਹਨ ।



ਪਿੰਡ ਵਿੱਚ ਸਾਡਾ ਇੱਕ ਕੱਚਾ ਜਿਹਾ ਢਾਰਾ ਸੀ ,

ਉਹਦੇ ਲਹਿੰਦੇ ਪਾਸੇ ਇੱਕ ਰੰਗਲਾ ਚੁਬਾਰਾ ਸੀ ।

ਸਾਡੇ ਪਿੰਡ ਆਇਆ ਕੇਰਾਂ ਆਇਆ ਟੋਟਾ ਚੰਨ ਦਾ ,

ਪਰੀਆਂ ਦੀ ਹੂਰ ਉਹਨੂੰ ਬੱਚਾ ਬੱਚਾ ਮੰਨਦਾ ।

ਚੋਰੀ ਛਿਪੇ ਪਿਆਰ ਸਾਡਾ ਹੋ ਗਿਆ ਉਡਾਰ ਸੀ,

ਈਰਖਾ ਦੀ ਸੰਨ੍ਹ ਲਾਈਂ ਬੈਠਾ ਸੰਸਾਰ ਸੀ ।

ਸ਼ਿਕਾਰੀਆਂ ਤੋਂ ਬਚੀਆਂ ਨਾ ਜਿੰਦਾਂ ਦੋ ਨਿਆਣੀਆਂ ,

ਮੁਹੱਬਤਾਂ ਨਾ ਰਾਸ ਆਈਆਂ ਖਸਮਾਂ ਨੂੰ ਖਾਣੀਆਂ ।



ਕਾਲੇ ਪਾਣੀ ਜਿਹਾ ਦੰਡ ਦੇ ਕੇ ਘੁਮਾਣ ਨੂੰ ,

ਸਮੁੰਦਰਾਂ ਤੋਂ ਪਾਰ ਭੇਜ ਦਿੱਤਾ ਮੇਰੀ ਜਾਨ ਨੂੰ ।

ਜਿਥੇ ਤੱਕ ਪਹੁੰਚ ਨਾ ਗਰੀਬਾਂ ਦੀ ਹੈ ਹਾਣੀਆਂ ,

ਸਾਡੇ ਪਿਆਰ ਵਾਲੀਆਂ ਉਦਾਸ ਨੇ ਕਹਾਣੀਆਂ ।



                 ਉਪਰੋਕਤ ਸਪਾਟ ਸ਼ਬਦ-ਅਰਥ 'ਕੈਦੋਂ' ਦੇ ਮੈਟਾਫਰ ਦੀ ਆਲੋਚਨਾ ਕਰਦੇ ਪ੍ਰਤੀਤ ਹੁੰਦੇ ਹਨ । ਪਰ ਜਰਨੈਲ ਘੁਮਾਣ ਦਾ ਕਵੀ ਮਨ 'ਕੈਦੋਂ' ਦੇ ਮੈਟਾਫਰ ਨੂੰ ਡੀ ਕੋਡ ਕਰਦਿਆਂ ਉਸਦੀ ਪੜਚੋਲ ਕਰਨ ਦੀ ਥਾਂ ਖ਼ੁਦ ਆਪਣੀ ਹੀ ਸਵੈ-ਪੜਚੋਲ ਕਰਦਾ ਹੈ । 'ਕੈਦੋਂ' ਅਤੇ 'ਸੈਦੇ' ਦੇ ਰੋਲ ਨੂੰ ਖੁਦ ਆਪਣੇ ਹੀ ਅੰਦਰੋਂ ਦੇਖਦਾ ਹੈ । ਉਸ ਲਈ ਸਦਾਚਾਰਕ ਸ਼ਬਦ ਵਫ਼ਾ-ਬੇਵਫ਼ਾ , ਸੱਚ-ਝੂਠ, ਪੁੰਨ-ਪਾਪ,ਮੁਕਤੀ-ਆਨੰਦ ਆਪਣੇ ਆਪ ਵਿੱਚ ਗਤੀਸ਼ੀਲ ਹਨ ਅਤੇ ਪੱਖ-ਪਾਤੀ ਵੀ । ਮੈਨੂੰ ਜਰਨੈਲ ਘੁਮਾਣ ਦੀ ਆਵੇਸ਼ੀ ਕਾਵਿ-ਅਨੁਭੁਤੀ ਉਤੇ ਤਸੱਲੀ ਹੈ ਕਿ ਉਸਦਾ 'ਪਿਆਰ' ਮੋਟਿਫ਼ ਮਧਯੁੱਗੀ-ਚੇਤਨਾ ਅਧੀਨ ਜੜ੍ਹ ਰੂਪ ਅਖ਼ਤਿਆਰ ਨਹੀਂ ਕਰਦਾ । ਸਗੋਂ ਸੰਘਰਸ਼ੀ ਜੱਦੋ ਜਹਿਦ ਦੇ ਹਾਂ ਮੁਖੀ ਸਿੱਟਿਆਂ ਵਿੱਚ ਵਿਸ਼ਵਾਸ ਰੱਖਦਾ ਹੈ ।



ਤੇਰੇ ਆਉਣ ਦੀ ਉਮੀਦ ਹਾਲੇ ਪਾਲ ਕੇ ਰੱਖਾਂਗੇ ,

ਬੂਹਾ ਖੁੱਲਾ ਰੱਖ ਦੀਵੇ ਤਾਈਂ ਬਾਲ ਕੇ ਰੱਖਾਂਗੇ ।

ਵੇਹੜੇ ਲੱਗੀ ਵੇਲ ਵਿੱਚ ਓਦਾਂ ਹੀ ਪਾਣੀ ਪਾਵਾਂਗੇ ,

ਪਿਆਰ ਨਾਲ ਅੰਗੂਰ ਉਹਦੇ ਥੋਡੇ ਲਈ ਪਕਾਵਾਂਗੇ ।

ਪੱਕਿਆਂ ਅੰਗੂਰਾਂ ਨੂੰ ਅਸੀਂ ਭਾਲ ਭਾਲ ਕੇ ਰੱਖਾਂਗੇ ।

ਦੁੱਧ ਵਿੱਚ ਦਾਖਾਂ ਨੂੰ ਉਬਾਲ ਉਬਾਲ ਕੇ ਰੱਖਾਂਗੇ ।

ਤੇਰੇ ਆਉਣ ਦੀ ਉਮੀਦ ਹਾਲੇ ਪਾਲ ਕੇ ਰੱਖਾਂਗੇ ॥


ਮੱਧਯੁੱਗੀ ਪਿਆਰ ਦੀ ਸਮੱਸਿਆ ਆਰਥਿਕ ਸਮਾਜਿਕ ਨਾ ਹੋ ਕੇ ਵਧੇਰੇ ਸਦਾਚਾਰਕ , ਧਾਰਮਿਕ ਅਤੇ ਸੰਸਕਾਰ ਦੀ ਹੈ । ਪਰ ਅੱਜ ਕੀਮਤਾਂ ਬਦਲ ਗਈਆਂ ਹਨ । ਅੱਜ ਪਿਆਰ ਜੋੜੀਆਂ ਵਿੱਚ ਖਿਚਾਅ , ਤਣਾਅ ਜਾਂ ਵਿਰੋਧ ਜਾਂ ਉਹਨਾਂ ਦੀਆਂ ਬੇਬਸੀਆਂ- ਬੇਵਫ਼ਾਈਆ ਸਦਾਚਾਰਕ , ਸੰਸਕਾਰਕ ਜਾਂ ਧਾਰਮਿਕ ਨਹੀਂ । ਸਗੋਂ ਵਧੇਰੇ ਆਰਥਿਕ ਅਤੇ ਮਾਨਸਿਕ ਹਨ ।ਅੱਜ ਟੱਕਰ ਪਿੱਤਰੀ ਜਾਂ ਪਰਿਵਾਰਕ ਸੰਸਕਾਰਾਂ ਕਰਕੇ ਨਹੀਂ ਦਰਅਸਲ ਅੱਜ ਟੱਕਰ ਰੁਪਏ , ਪੌਂਡ ,ਡਾਲਰ ਦੀ ਹੈ । ਅੱਜ ਤਣਾਓ ਬੇਲੇ ਵਿੱਚ ਚੂਰੀ ਖਾਦੇ ਰਾਂਝੇ ਅਤੇ ਜ਼ਹਾਜੀਂ ਚੜ੍ਹੀ ਵਿਦੇਸ਼ੀ ਵੀਕਾਂ , ਕਲੱਬਾ ਅਤੇ ਪੇ ਪੈਕਟਾਂ ਵਿੱਚ ਭਰਮੀ ਹੀਰ ਵਿਚਕਾਰ ਹੈ ।

ਅਜਿਹੀ ਸਥਿਤੀ ਵਿੱਚ ਜਦੋਂ ਮਨੁੱਖੀ ਜਜ਼ਬਾਤਾਂ ਦੀ ਹਰ ਪਰਤ ਨੂੰ ਪੂੰਜੀ (ਸਰਮਾਏ) ਨੇ ਆਪਣੇ ਭਾਰ ਹੇਠ ਦਬਾਅ ਲਿਆ ਹੋਵੇ ਤਾਂ ਉਸਦਾ ਵਿਸਫ਼ੋਟੀ ਪ੍ਰਤੀਕਰਮ ਦੋ ਤਰਾਂ ਨਾਲ ਹੋ ਸਕਦਾ ਹੈ । ਅੰਤਰਮੁਖੀ 'ਚੁੱਪ' ਜਾਂ ਬਾਹਰਮੁਖੀ 'ਸ਼ੋਰ' । ਦੋਹਾਂ ਤਰਾਂ ਦੇ ਪ੍ਰਤੀਕਰਮ ਆਵੇਸ਼ੀ ਹਨ ।

ਇਹੀ ਧੁਨੀਆਤਮਕ ਪ੍ਰਤੀਕਰਮ ਸ਼ਬਦ ਰੂਪੀ ਕਾਰਜ ਨੂੰ ਸਿਰਜਦਾ ਹੈ । ਆਵੇਸ਼ੀ ਚੁੱਪ ਜਾਂ ਸ਼ੋਰ ਸ਼ਬਦ ਦੀ ਸਿਰਜਨਾਤਮਕਤਾ ਨੂੰ ਨਿਰਾਰਥਕ , ਸਿਫ਼ਰ ਜਾਂ ਗੁੰਬਦੀ ਅਹੰ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰਦੀ ਹੈ । ਮਨੁੱਖ ਦੀ ਇਹ ਸਿਰਜਨਾਤਮਕ ਵਿਸ਼ੇਸਤਾ ਹੈ ਕਿ ਉਹ ਪ੍ਰਤੀਕਰਮ ਦੇ ਕੇਵਲ ਆਵੇਸ਼ੀ ਵਿਸਫ਼ੋਟ ਨੂੰ ਹੀ ਸਵੀਕਾਰ ਕਰਕੇ ਸਬਰ ਨਹੀਂ ਕਰਦਾ ਸਗੋਂ ਪ੍ਰਤੀਕਰਮ ਦੇ ਕਾਰਨਾਂ ਨੂੰ ਜਾਨਣ ਲਈ ਆਪਣੇ ਕਾਰਜ ਵਿੱਚ ਪ੍ਰਵੇਸ਼ੀ ਸੰਵਾਦ ਰਚਾਉਣ ਤੱਕ ਜਾਂਦਾ ਹੈ । ਇਹ ਸੰਵਾਦ ਅਸੰਭਵ ਨੂੰ ਸੰਭਵ ਅਤੇ ਸੰਭਵ ਨੂੰ ਸੰਭਾਵੀ ਵੇਗ ਪ੍ਰਦਾਨ ਕਰਦਾ ਹੈ ।ਇਸ ਪ੍ਰਕਿਰਿਆ ਵਿੱਚ ਮਨੁੱਖ ਜੋਖ਼ਮ ਵੀ ਉਠਾਉਂਦਾ ਹੈ , ਦੁੱਖ਼ ਵੀ , ਜਿੱਤ ਵੀ , ਖੁਸ਼ੀ ਵੀ , ਹਾਰ ਦੀ ਨਮੋਸ਼ੀ ਵੀ , ਤੜਪ ਵੀ , ਹਿਰਖ ਵੀ , ਜੋਸ਼ ਵੀ ,ਉਤੇਜਨਾ ਵੀ , ਗੰਭੀਰ ਠਹਿਰਾਓ ਵੀ ,ਯੁੱਗ ਪਲਟਾਊ ਤੇਜ਼ੀ ਵੀ ਪਰ ਉਹ ਜੱਦੋ ਜਹਿਦ ਨੂੰ ਨਿਰੰਤਰਤਾ ਦੀ ਪਹਿਚਾਣ ਕਰਨ ਲਈ ਜਰਨੈਲ ਘੁਮਾਣ ਦੀ ਹਥਲੀ ਪੁਸਤਕ 'ਅਧੂਰਾ ਖ਼ੁਆਬ' ਦਾ ਪਾਠ (Text ) ਅਧਿਐਨ ਕਰਦਿਆਂ ਮੈਨੂੰ ਤਸੱਲੀ ਹੋਈ ਹੈ ਕਿ ਕਵੀ ਆਵੇਸ਼ੀ ਚੁੱਪ ਅਤੇ ਸ਼ੋਰ ਨੂੰ ਪ੍ਰਵੇਸ਼ੀ ਸੰਵਾਦ ਵਿੱਚ ਰੁਪਾਂਤਰਨ ਕਰਨ ਵਾਲਾ ਸਫਲ ਕਵੀ ਹੈ ।



ਜਾਂਦੇ ਰਾਹੀਓ ਪਲ ਦੋ ਪਲ ਰੁਕ ,

ਪੀ ਜਾਓ ਖੂਹ ਤੋਂ ਪਾਣੀ ਨੂੰ ,

ਮੇਰਾ ਵੀ ਦਿਲ ਹੌਲਾ ਹੋ ਜਾਊ ,

ਸੁਣ ਜਾਓ ਦਰਦ ਕਹਾਣੀ ਨੂੰ ।

---------------



ਆਖਿਰ ਇਸ ਬੇਰੁਖੀ ਦੀ ਵਜਾਹ ਕੀ ਹੈ ,

ਐਦਾਂ ਵੀ ਜ਼ਿੰਦਗੀ ਜੀਣ ਦਾ ਮਜ਼ਾ ਕੀ ਹੈ ,

ਕਿਹੜੀਆਂ ਬਾਤਾਂ 'ਚ , ਕਿਹੜੇ ਹਾਲਾਤਾਂ 'ਚ ,

ਉਲਝ ਗਿਐਂ ਦੋਸਤ , ਦੋ ਦਿਨ ਦੀ ਜ਼ਿੰਦਗੀ ਹੈ ,

ਨਾ ਜਾਣੇ ਓਸ ਵਿੱਚ ਵੀ, ਓਸ ਦੀ ਰਜ਼ਾ ਕੀ ਹੈ ।

--------------------------







ਜ਼ਿੰਦਗੀ ਹਾਰ ਜਾਂ ਜਿੱਤ ,

ਜਿੱਤ ਹਾਰ ਦਾ ਖੇਲ ਹੈ ।

ਅੱਜ ਹਾਰਿਆ ਕੱਲ੍ਹ ਜਿੱਤ ਵੀ ਸਕਦਾ ਹੈ ,

ਹਾਰ ਤੋਂ ਡਰ ਕੇ ਖੇਡਣ ਵਾਲਾ,

ਅੱਜ ਵੀ ਫੇਲ੍ਹ , ਕੱਲ੍ਹ ਵੀ ਫੇਲ੍ਹ ਹੈ ।

--------------------

ਖੁਸ਼ੀਆਂ ਦੀ ਚਾਹਤ ਰੱਖਦੇ ਹੋ ,

ਸਭ ਖੁਸ਼ੀਆਂ ਦੀ ਸੌਗਾਤ ਮਿਲੂ ।

ਮਨ ਵਿਚਲੇ ਜੁਗਨੂੰ ਚਮਕਣਗੇ ,

ਚੇਹਰੇ ਤੇ ਵੱਖਰੀ ਝਾਤ ਮਿਲੂ ।

ਖ਼ੁਸਬੋਆਂ ਵੰਡਦੀ ਪੌਣ ਮਿਲੂ ,

ਗੁਲਜ਼ਾਰ ਖਿੜੀ ਕਾਇਨਾਤ ਮਿਲੂ ।

ਜ਼ਿੰਦਗੀ ਦੇ ਵੇਹੜੇ ਮਹਿਕ ਰਹੀ ,

ਘੁਮਾਣ ਤੇਰੀ ਹਰ ਚਾਹਤ ਮਿਲੂ ।



ਪ੍ਰਵੇਸ਼ੀ ਸੰਵਾਦ ਵਿੱਚ ਪੈਦਾ ਕੀਤੀ ਜਰਨੈਲ ਘੁਮਾਣ ਦੀ ਉਪਰੋਕਤ ਆਸ਼ਾ-ਵਾਦੀ ਕਾਵਿ ਧੁਨੀ ਦਾ ਮੈਂ ਸੁਆਗਤ ਕਰਦਾ ਹਾਂ ।



25 ਮਈ 2010

                                                                   ਡਾ : ਤੇਜਵੰਤ ਮਾਨ

                                                                              ਪ੍ਰਧਾਨ

                                          ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ ) ਰਜਿ : ਪੰਜਾਬ

***********************************************************************

Key Words about jarnail ghuman search : punjabi geet- sangeet, punjabi song/ songs,deshi punjabi song, punjabi music, punjabi Films ,sada punjab,apna punjab, mera punjab , rangla punjab,jatt punjabi, sher punjabi, punjabi jokes .punjabi virsa ,punjab news, punjabi articles, punjabi stories, punjabi books, aapna punjab.com

No comments:

Post a Comment