Tuesday, May 9, 2017

ਰਾਜ਼ਦਾਰ....

ਜਦ ਤੋਂ ਸਭ ਰਾਜ਼ ਬੇਪਰਦ ਹੋਏ , ਰਾਜ਼ਦਾਰ ਬਣਾਉਣੇ ਛੱਡ ਬੈਠਾ । ਕੋਈ ਦੁੱਖਾਂ ਦਾ ਹਮਦਰਦ ਨਹੀਂ , ਦੁੱਖਦਰਦ ਸੁਣਾਉਣੇ ਛੱਡ ਬੈਠਾ । ਹੁਣ ਭੀੜ ਇਕੱਠੀ ਕਰਨ ਵਾਲੇ , ਸਭ ਢੋਲ ਵਜਾਉਣੇ ਛੱਡ ਬੈਠਾ । ‘ਘੁਮਾਣ’ ਸਿੰਮਦਿਆਂ ਜਖ਼ਮਾਂ ਨੂੰ , ਹੁਣ ਨਿੱਤ ਦਿਖਾਉਣੇ ਛੱਡ ਬੈਠਾ ॥ Jarnail Singh Ghumaan

Monday, August 23, 2010

ਨਾ ਮੈਂ ਗਿਆਨੀ ,ਨਾ ਮੈਂ ਧਿਆਨੀ ,
ਨਾ ਮੈਂ ਬਹੁਤ ਸਿਆਣਾ ।

ਪੰਧ ਲੰਮੇਰੇ ਤਹਿ ਕਰ ਆਇਆ ,
ਫਿਰ ਵੀ ਅਜੇ ਨਿਆਣਾ ।

ਤਾਣੀ ਸੁਲਝੀ , ਸੂਤ ਉਲਝ ਗਿਆ,
ਪੈ ਗਈ ਰਾਤ 'ਘੁਮਾਣਾ' ,
ਛੱਡ ਦੇ ਖਹਿੜਾ ਵਸ ਨਾ ਤੇਰੇ,
ਕੱਢ ਖੱਡੀ ਚੋਂ ਲੱਤਾਂ ।।

ਮੈਂ ਬੇਮੱਤ ਹਾਂ,ਫਿਰ ਲੋਕਾਂ ਨੂੰ ਮੈਂ ਕੀ ਦੇਵਾਂ ਮੱਤਾਂ ।
ਮਾਹਲ ਉਤਰ ਜਾਏ ਜਾਂ ਤੰਦ ਟੁੱਟ ਜਾਏ ,
ਜਦੋਂ ਚਰਖੜਾ ਕੱਤਾਂ ।
ਮੈਂ ਬੇਮੱਤ ਹਾਂ,ਫਿਰ ਲੋਕਾਂ ਨੂੰ ਮੈਂ ਕੀ ਦੇਵਾਂ ਮੱਤਾਂ ।।

--ਜਰਨੈਲ ਘੁਮਾਣ

Wednesday, August 4, 2010

*ਸ਼ਾਇਰ ਜਰਨੈਲ ਘੁਮਾਣ - ਜਿਸਦੀ ਮੈਨੂੰ ਚਿਰੋਕੀ ਤਲਾਸ਼ ਸੀ*


      - ਜਗਦੇਵ ਸਿੰਘ ਜੱਸੋਵਾਲ
                                            

        ਗੀਤਕਾਰੀ ਤੋਂ ਬਾਅਦ ਸਾਹਿਤ ਦੇ ਸਮੁੰਦਰ ਵਿੱਚ ਤਾਰੀਆਂ ਲਾਉਣ ਲਈ , ਜਰਨੈਲ ਘੁਮਾਣ ਨੇ ਆਪਣੀ ਬੇੜੀ ਆਖਿਰ ਠੇਲ ਹੀ ਦਿੱਤੀ ਹੈ । ਮੈਂ ਚਿਰਾਂ ਤੋਂ ਇਸ ਅੰਦਰ ਛੁਪੇ ਸ਼ਾਇਰ ਨੂੰ ਪਛਾਣ ਤਾਂ ਕਾਫ਼ੀ ਪਹਿਲਾਂ ਹੀ ਲਿਆ ਸੀ ਪਰ ਪ੍ਰਤੱਖ਼ ਵੇਖ਼ਣ ਦੀ ਰੀਝ ਨੂੰ ਬੂਰ ਹੁਣ ਇਸਦੀ ਪਲੇਠੀ ਪੁਸਤਕ 'ਅਧੂਰਾ ਖ਼ੁਆਬ' ਨਾਲ ਪਿਆ ਹੈ । ਜਰਨੈਲ ਘੁਮਾਣ ਨਿਰੰਤਰ ਵਗਦੇ ਨਦੀ ਦੇ ਪਾਣੀ ਦੀ ਤਰ੍ਹਾਂ ਹੈ । ਉਹ ਕਿਸੇ ਵੀ ਮੰਜ਼ਿਲ ਨੂੰ ਪਾ ਕੇ ਰੁੱਕਣਾ ਨਹੀਂ ਜਾਣਦਾ । ਜ਼ਿੰਦਗੀ ਦੇ ਸਫ਼ਰ ਨੂੰ ਉਸਨੇ ਡਿੰਘਾਂ ਨਾਲ ਨਹੀਂ ਤਹਿ ਕੀਤਾ ਸਗੋਂ ਉਹ ਛਪੱੜੇ ਮਾਰ ਮਾਰ ਕੇ ਜੀਵਿਆ ਹੈ ।  ਦਿੜ੍ਹਬੇ ਦੀ ਇਲੈਕਟਰੋਨਿਕਸ ਦੀ ਦੁਕਾਨ ਤੋਂ ਲੈ ਕੇ ਸੀ.ਐਮ.ਸੀ. ਕੰਪਨੀ ਅਤੇ ਅਤਿ ਆਧੁਨਿਕ ਰਿਕਾਰਡਿੰਗ ਸਟੂਡੀਓ ਸੁਰਸੰਗਮ ਤੀਕ ਪਹੁੰਚਿਆ 'ਘੁਮਾਣ' ਪੂਰੀ ਦੁਨੀਆਂ ਘੁੰਮ ਆਇਆ ਹੈ । ਉਹ ਅੱਜ ਵੀ 24-25 ਵਰ੍ਹਿਆ ਦੇ ਜਵਾਨ ਗੱਭਰੂ ਦੀ ਤਰਾਂ ਆਪਣੀਆਂ ਪ੍ਰਵਾਜਾਂ ਨੂੰ ਅੰਜ਼ਾਮ ਦੇਣ ਲਈ ਸੁਪਨੇ ਸਿਰਜਦਾ ਰਹਿੰਦਾ ਹੈ ।

*** ਲੋਕ ਪੀੜਾਂ ਨੂੰ ਪ੍ਰਨਾਇਆ ਸ਼ਾਇਰ -ਜਰਨੈਲ ਘੁਮਾਣ ***

   -  ਸੁਰਿੰਦਰ ਸਿੰਘ              


ਸੱਚ ਦੀ ਸਰਦਲ 'ਤੇ ਨਤਮਸਤਕ ਹੁੰਦਿਆਂ ਜਦੋਂ ਵੀ ਮੈਂ ਆਪਣੇ ਚੌਗਿਰਦੇ ਵਿੱਚ ਵਾਪਰ ਰਹੇ ਵਰਤਾਰੇ ਨੂੰ ਘੋਖਦਾ ਹਾਂ ਤਾਂ ਮੈਂਨੂੰ ਇੰਝ ਮਹਿਸੂਸ ਹੁੰਦਾਂ ਹੈ ਕਿ ਹੱਥੀਂ ਕਿਰਤ ਕਰਨ ਵਾਲੇ ਮਿਹਨਤਕਸ਼ ਮਜਦੂਰਾਂ ,ਕਿਸਾਨਾਂ ਦੀ ਗੱਲ ਕਰਨ ਵਾਲੇ ਜਾਂ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸਮਝਣ ਵਾਲੇ ਸਾਹਿਤਕਾਰ , ਕਲਮਕਾਰ ਜਾਂ ਕੋਈ ਹੋਰ ਕਲਾਕਾਰ ਵੱਡੀ ਭੀੜ ਵਿੱਚ ਟਾਵੇਂ , ਵਿਰਲੇ ਹੀ ਹਨ ਜਾਂ ਇੰਝ ਕਹਿ ਲਵੋ ਕਿ ਆਟੇ 'ਚ ਲੂਣ ਦੀ ਤਰਾਂ੍ਹ ਹਨ । ਲੋਕਾਂ ਦੇ ਦਰਦ ਦੀ ਗੱਲ ਸਹੀ ਮਾਅਨਿਆਂ 'ਚ ਉਹ ਹੀ ਕਰ ਸਕਦੇ ਹਨ ਜਿੰਨਾਂ ਨੇ ਇਹਨਾਂ ਵਰਗਾਂ ਦੀ ਤਕਲੀਫ਼ ਨੂੰ ਤਨ 'ਤੇ ਹੰਢਾਇਆ ਹੋਵੇ । ਪਾਸ਼ ਦੀ ਕਵਿਤਾ ਦੇ ਬੋਲ ਹਨ 'ਜਿੰਨਾ ਨੇ ਤੱਕੀਆਂ ਨਹੀਂ ਕੋਠਿਆਂ 'ਤੇ ਸੁਕਦੀਆਂ ਸੁਨਿਹਰੀ ਛੱਲੀਆਂ , ਉਹ ਕਦੇ ਨਹੀਂ ਸਮਝਣ ਲੱਗੇ ਮੰਡੀ 'ਚ ਰੁਲਦੇ 'ਚ ਭਾਅ ।

Tuesday, August 3, 2010

** ਲੋਕ-ਸੰਬੋਧਨੀ ਗੀਤਕਾਰੀ ਦਾ ਸ਼ਾਇਰ - ਜਰਨੈਲ ਘੁਮਾਣ **

                                               -ਡਾ : ਤੇਜਵੰਤ ਮਾਨ     
                                 ਜਰਨੈਲ ਘੁਮਾਣ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ । ਉਸਦੇ ਆਪਣੇ ਕਥਨ ਅਨੁਸਾਰ ਉਹ 500-700 ਗੀਤਾਂ ਦਾ ਰਚਨਹਾਰ ਹੋਣ ਦੇ ਬਾਵਜੂਦ ਹਾਲਾਂ ਉਹ ਸਾਹਿਤ ਦੇ ਖੇਤਰ ਵਿੱਚ ਇੱਕ ਸਿਖਾਂਦਰੂ ਸ਼ਾਇਰ ਹੀ ਹੈ । ਆਪਣੇ 'ਸੁਪਨਿਆਂ ਦੇ ਸਫ਼ਰ' ਨੂੰ ਨਿਹਾਰਦਾ ਜਰਨੈਲ ਏਥੋਂ ਤੀਕ ਕਹਿੰਦਾ ਹੈ ਕਿ ਭਾਵੇ ਉਸਦੀ ਗੀਤਕਾਰੀ ਬਾਰੇ ਹਾਲਾਂ ਤੱਕ ਕਿਸੇ ਆਲੋਚਕ ਜਾਂ ਸਰੋਤੇ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ ਪਰ ਉਹ ਸਾਹਿਤ ਦੇ ਇਸ ਵਿਸ਼ਾਲ ਸਮੁੰਦਰ ਵਿੱਚ ਹਾਲਾਂ ਅਣਜਾਣ ਤਾਰੂ ਹੈ ।ਪਰ ਮੈਂ ਜਰਨੈਲ ਦੇ ਇਸ ਆਤਮ-ਕਥਨ ਨਾਲ ਸਹਿਮਤ ਨਹੀਂ । ਹੱਥਲੇ ਕਾਵਿ ਸੰਗ੍ਰਹਿ 'ਅਧੂਰਾ ਖ਼ੁਆਬ' ਦਾ ਖਰੜਾ ਜਦ ਮੈਂ ਮੁੱਖ-ਸ਼ਬਦ ਲਿਖਣ ਲਈ ਵਾਚਿਆ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜਰਨੈਲ ਘੁਮਾਣ ਨੇ ਆਪਣੀ ਇਸ ਰਚਨਾ ਰਾਹੀਂ ਅਜੋਕੀ ਕਵਿਤਾ ਵਿੱਚ ਆ ਰਹੇ ਅ-ਕਾਵਿਕਤਾ ਦੇ ਰੁਝਾਨ ਦਾ ਆਪਣੀ ਗੀਤਕਾਰੀ ਰਾਹੀਂ ਸਹੀ ਜਵਾਬ ਦਿੱਤਾ ਹੈ ।